ਅਮਰੀਕੀ ਸੈਨਾ 'ਤੇ ਹਮਲੇ ਪਿੱਛੇ ਪਾਕਿਸਤਾਨੀ ਹੱਥ !

ਵਾਸ਼ਿੰਗਟਨ: ਦਹਿਸ਼ਤਗਰਦਾਂ ਨੂੰ ਪਨਾਹ ਦੇਣ ਦੇ ਇਲਜ਼ਾਮਾਂ ਵਿੱਚ ਘਿਰੇ ਪਾਕਿਸਤਾਨ ਬਾਰੇ ਅਮਰੀਕਾ ਨੇ ਵੱਡਾ ਖ਼ੁਲਾਸਾ ਕੀਤਾ ਹੈ। ਭਾਰਤ ਵਿੱਚ ਦਹਿਸ਼ਤਗਰਦ ਹਮਲੇ ਕਰਵਾਉਣ ਦੇ ਇਲਜ਼ਾਮਾਂ ਵਿੱਚ ਘਿਰੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਨੇ ਇਸ ਮਾਮਲੇ ਵਿੱਚ ਅਮਰੀਕਾ ਨੂੰ ਵੀ ਨਹੀਂ ਬਖ਼ਸ਼ਿਆ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਅਮਰੀਕੀ ਸੈਨਾ ਦੇ ਕੈਂਪ ਉੱਤੇ ਹੋਏ ਦਹਿਸ਼ਤਗਰਦੀ ਹਮਲੇ ਪਿੱਛੇ ਪਾਕਿਸਤਾਨ ਸਰਕਾਰ ਦਾ ਹੱਥ ਸੀ।

ਅਮਰੀਕਾ ਨੇ ਪੁਖ਼ਤਾ ਸਬੂਤਾਂ ਦੇ ਆਧਾਰ ਉੱਤੇ ਆਖਿਆ ਹੈ ਕਿ ਅਮਰੀਕੀ ਸੈਨਾ ਦੇ ਕੈਂਪ ਉੱਤੇ 2009 ਵਿੱਚ ਹੋਏ ਦਹਿਸ਼ਤਗਰਦ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਸੀ। ਇਹ ਹਮਲਾ ਹਕਾਨੀ ਦਹਿਸ਼ਤਗਰਦ ਸੰਗਠਨ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਅਮਰੀਕੀ ਸੈਨਾ ਦੇ ਸੱਤ ਜਾਸੂਸਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਇਸ ਪੂਰੀ ਗੱਲ ਦਾ ਖ਼ੁਲਾਸਾ ਹੋਇਆ ਹੈ।

ਹਮਲੇ ਤੋਂ ਬਾਅਦ ਅਮਰੀਕੀ ਸੈਨਾ ਦੇ ਅਫ਼ਸਰ ਨੇ ਇਸ ਦੀ ਜਾਂਚ ਕੀਤੀ ਸੀ ਜਿਸ ਦੀ ਰਿਪੋਰਟ ਹੁਣ ਜਨਤਕ ਕੀਤੀ ਗਈ ਹੈ। ਰਿਪੋਰਟ ਅਨੁਸਾਰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਨੇ ਹੱਕਾਨੀ ਗਰੁੱਪ ਨੂੰ ਹਮਲੇ ਲਈ ਆਖਿਆ ਸੀ। ਇਸ ਦੇ ਬਦਲੇ ਵਿੱਚ ਪਾਕਿਸਤਾਨ ਨੇ ਹੱਕਾਨੀ ਗਰੁੱਪ ਨੂੰ ਦੋ ਲੱਖ ਡਾਲਰ ਦਿੱਤੇ ਸਨ।

ਅਮਰੀਕਾ ਨੇ ਜਾਂਚ ਅਫ਼ਸਰ ਦੇ ਨਾਮ ਦਾ ਖ਼ੁਲਾਸਾ ਨਹੀਂ ਕੀਤਾ। ਦੂਜੇ ਪਾਸੇ ਪਾਕਿਸਤਾਨ ਨੇ ਅਮਰੀਕਾ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਰਾਜ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੂੰ ਆਖਿਆ ਹੈ ਕਿ ਅਮਰੀਕਾ ਦੇ ਇਸ ਦਾਅਵੇ ਨਾਲ ਉਨ੍ਹਾਂ ਨੂੰ ਦੁਖ ਪਹੁੰਚਿਆ ਹੈ।

Share this

Related Posts

Previous
Next Post »