ਟੋਕਿਓ— ਜਾਪਾਨ 'ਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਇਸਦਾ ਕੇਂਦਰ ਦੱਖਣੀ ਕਿਊਸ਼ ਟਾਪੂ ਰਿਹਾ। ਇਸ ਦੀ ਤੀਬਰਤਾ ਕੁੱਝ ਘੱਟ ਹੋਣ ਕਾਰਨ ਵਧੇਰੇ ਨੁਕਸਾਨ ਨਹੀਂ ਹੋਇਆ ਪਰ ਜਾਪਾਨ ਵਿਚ 3 ਦਿਨਾਂ ਵਿਚ ਇਹ ਤੀਜਾ ਭੂਚਾਲ ਹੈ। ਇਸ ਕਾਰਨ ਲੋਕ ਬਹੁਤ ਡਰ ਗਏ ਹਨ। ਇੱਥੇ ਜਵਾਲਾ ਮੁਖੀ ਫਟਣ ਨਾਲ ਵੀ ਲੋਕ ਡਰ ਗਏ ਹਨ। ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 29 ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਭੂਚਾਲ ਦੇ ਝਟਕਿਆਂ ਮਗਰੋਂ ਸੁਨਾਮੀ ਦੀ ਚਿਤਾਵਨੀ ਦਿੱਤੀ ਗਈ ਸੀ ਪਰ ਹੁਣ ਵਾਪਸ ਲੈ ਲਈ ਗਈ ਹੈ।




ਵੀਰਵਾਰ ਨੂੰ ਵੀ ਜਾਪਾਨ 'ਚ ਆਏ ਭੂਚਾਲ ਨਾਲ ਕਈ ਇਮਾਰਤਾਂ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਘੱਟੋ-ਘੱਟ 45 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਇਸੇ ਮਹੀਨੇ ਦੇ 15 ਦਿਨਾਂ 'ਚ ਹੁਣ ਤੱਕ 4 ਵਾਰ ਭੂਚਾਲ ਦੇ ਝਟਕਿਆਂ ਨਾਲ ਧਰਤੀ ਹਿੱਲ ਚੁੱਕੀ ਹੈ।
ਭੂਚਾਲ ਕਾਰਨ ਲੋਕਾਂ ਨੂੰ ਹੋਟਲਾਂ ਵਿਚ ਜਾ ਕੇ ਰਹਿਣਾ ਪਿਆ ਕਿਉਂਕਿ ਕਈ ਇਮਾਰਤਾਂ ਢਹਿ ਚੁੱਕੀਆਂ ਹਨ। ਸੁਰੱਖਿਆ ਅਤੇ ਰਾਹਤ ਕਰਮਚਾਰੀਆਂ ਵਲੋਂ ਮਦਦ ਕੀਤੀ ਜਾ ਰਹੀ ਹੈ। 
ਕੁਮਾਮਾਟੋ ਸੂਬੇ ਦੇ ਅਧਿਕਾਰੀ ਤੋਮੋਯੁਕੀ ਤਨਾਕਾ ਨੇ ਦੱਸਿਆ ਕਿ ਸਮੇਂ ਦੇ ਨਾਲ-ਨਾਲ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਡਰ ਹੈ। ਕਿਊਸ਼ ਵਿਚ ਆਏ ਭੂਚਾਲ ਨਾਲ 10 ਲੋਕ ਮਾਰੇ ਗਏ ਸਨ ਅਤੇ 800 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ ਸਨ। ਜਾਣਕਾਰੀ ਮੁਤਾਬਕ ਅਜੇ ਜ਼ਖਮੀ ਅਤੇ ਮਰਨ ਵਾਲਿਆਂ ਦੀ ਗਿਣਤੀ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਹੈ।
ਕਿਊਸ਼ ਟਾਪੂ ਦਾ ਬਹੁਤ ਨੁਕਸਾਨ ਹੋਇਆ ਹੈ। ਕਈ ਥਾਵਾਂ 'ਤੇ ਜ਼ਮੀਨ ਵਿਚ ਦਰਾਰਾਂ ਪੈ ਗਈਆਂ ਹਨ। ਜ਼ਿਕਰਯੋਗ ਹੈ ਕਿ ਸ਼ੁਕੱਰਵਾਰ ਨੂੰ ਇੱਥੇ ਭੂਚਾਲ ਆਉਣ ਦੇ 6 ਘੰਟੇ ਮਗਰੋਂ 8 ਮਹੀਨੇ ਦੀ ਬੱਚੀ ਨੂੰ ਸੁਰੱਖਿਅਤ ਕੱਢਿਆ ਗਿਆ। ਹੈਰਾਨੀ ਦੀ ਗੱਲ ਹੈ ਕਿ ਇਸ ਬੱਚੀ ਨੂੰ ਸੱਟ ਤਕ ਵੀ ਨਹੀਂ ਲੱਗੀ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਧਿਆਨ ਰੱਖਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦੇ ਨਾਲ ਹਨ।