Showing posts with label balbir singh ardasiya. Show all posts
Showing posts with label balbir singh ardasiya. Show all posts

ਬਾਦਲ ਨੂੰ ਹਰਿਮੰਦਰ ਸਾਹਿਬ ਵਿਖੇ ਸਿਰੋਪਾ ਦੇਣ ਤੋਂ ਇਨਕਾਰ

ਬਾਦਲ ਨੂੰ ਹਰਿਮੰਦਰ ਸਾਹਿਬ ਵਿਖੇ ਸਿਰੋਪਾ ਦੇਣ ਤੋਂ ਇਨਕਾਰ



ਅੰਮ੍ਰਿਤਸਰ: ਅੱਜ ਸਵੇਰੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚਖੰਡ ਹਰਿਮੰਦਰ ਸਾਹਿਬ ਦੇ ਅਰਦਾਸੀਏ ਸਿੰਘ ਵੱਲੋਂ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਵੱਲੋਂ ਪਹਿਲਾਂ ਸੁਖਬੀਰ ਬਾਦਲ ਨੂੰ ਵੀ ਸਿਰੋਪਾ ਦੇਣ ਤੋਂ ਇਨਕਾਰ ਕੀਤਾ ਜਾ ਚੁੱਕਾ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵਿੱਚ ਕਾਫੀ ਹਲਚਲ ਪੈਦਾ ਹੋ ਗਈ ਹੈ।

balbir singh ardasiya

ਸੂਤਰਾਂ ਮੁਤਾਬਕ ਅੱਜ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ ਤਾਂ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀ ਵੀ ਮੌਜੂਦ ਸਨ। ਸੱਚਖੰਡ ਹਰਿਮੰਦਰ ਸਾਹਿਬ ਵਿੱਚ ਮੌਜੂਦ ਵਿਅਕਤੀ ਮੁਤਾਬਕ ਜਦੋਂ ਬਾਦਲ ਨੇ ਮੱਥਾ ਟੇਕਿਆ ਤਾਂ ਇੱਕ ਅਧਿਕਾਰੀ ਵੱਲੋਂ ਅਰਦਾਸੀਏ ਬਲਬੀਰ ਸਿੰਘ ਫਰਾਂਸ ਨੂੰ ਬਾਦਲ ਨੂੰ ਸਿਰੋਪਾ ਦੇਣ ਲਈ ਕਿਹਾ ਗਿਆ। ਅਰਦਾਸੀਆ ਬਲਬੀਰ ਸਿੰਘ ਸਿਰੋਪਾ ਦੇਣ ਦੀ ਥਾਂ ਗ੍ਰੰਥੀ ਸਿੰਘ ਕੋਲ ਚਲਾ ਗਿਆ। ਜਦੋਂ ਉਨ੍ਹਾਂ ਨੂੰ ਦੁਬਾਰਾ ਬੁਲਾ ਕੇ ਸਿਰੋਪਾ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਬਾਦਲ ਨੂੰ ਸਿਰਫ ਪਤਾਸਿਆਂ ਦਾ ਪ੍ਰਸ਼ਾਦ ਹੀ ਦਿੱਤਾ। ਇਸ ਮਗਰੋਂ ਬਾਦਲ ਬਿਨਾ ਸਿਰੋਪਾ ਲਏ ਹੀ ਹਰਿਮੰਦਰ ਸਾਹਿਬ ਤੋਂ ਬਾਹਰ ਆ ਗਏ।
balbir singh ardasiya
ਜ਼ਿਕਰਯੋਗ ਹੈ ਕਿ ਅਰਦਾਸੀਏ ਬਲਬੀਰ ਸਿੰਘ ਫਰਾਂਸ ਵੱਲੋਂ ਜਨਵਰੀ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਸ ਵੇਲੇ ਬਲਬੀਰ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਪੰਜਾਬ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਸਿੱਖਾਂ ਨੂੰ ਇਨਸਾਫ਼ ਨਾ ਮਿਲਣ ਕਰਕੇ ਉਨ੍ਹਾਂ ਅਜਿਹਾ ਕੀਤਾ ਸੀ। ਅਰਦਾਸੀਏ ਵੱਲੋਂ ਸਿਰੋਪਾ ਨਾ ਦੇਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ‘ਤੇ ਕੋਈ ਕਾਰਵਾਈ ਇਸ ਲਈ ਨਹੀਂ ਕੀਤੀ ਗਈ ਸੀ ਕਿਉਂਕਿ ਸਰਕਾਰ ਤੋਂ ਨਾਰਾਜ਼ ਪੰਥ ਵੱਲੋਂ ਸ਼੍ਰੋਮਣੀ ਕਮੇਟੀ ਦਾ ਵਿਰੋਧ ਕੀਤਾ ਜਾ ਸਕਦਾ ਸੀ।ਅੱਜ ਬਾਦਲ ਨੂੰ ਸਿਰੋਪਾ ਨਾ ਦੇਣ ਦੇ ਮਾਮਲੇ ਤੋਂ ਬਾਅਦ ਜਿੱਥੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਇਹ ਵੀ ਖਬਰਾਂ ਆ ਰਹੀਆਂ ਹਨ ਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਕਮੇਟੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਜਾ ਰਹੀ ਹੈ। ਬੈਠਕ ਵਿੱਚ ਇਸ ਮਸਲੇ ‘ਤੇ ਵੀ ਵਿਚਾਰ ਚਰਚਾ ਹੋਣ ਦੀ ਸੰਭਾਵਨਾ ਹੈ। ਜੇਕਰ ਸ਼੍ਰੋਮਣੀ ਕਮੇਟੀ ਅਰਦਾਸੀਏ ਬਲਬੀਰ ਸਿੰਘ ਖਿਲਾਫ਼ ਕੋਈ ਸਖਤ ਕਾਰਵਾਈ ਕਰਦੀ ਹੈ ਤਾਂ ਆਉਂਦੀ 6 ਜੂਨ ਨੂੰ ਸ਼੍ਰੋਮਣੀ ਕਮੇਟੀ ਨੂੰ ਸਮੁੱਚੀਆਂ ਸਿੱਖ ਜਥੇਬੰਦੀਆਂ ਦਾ ਵਿਰੋਧ ਝੱਲਣਾ ਪੈ ਸਕਦਾ ਹੈ। ਅਰਦਾਸੀਏ ਬਲਬੀਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਜਾ ਰਿਹਾ।