ਇਹ ਹਨ ਮਾਤਾ ਚੰਦ ਕੌਰ ਦੇ ਕਾਤਲ

ਲੁਧਿਆਣਾ: ਨਾਮਧਾਰੀ ਸੰਪ੍ਰਦਾ ਦੇ ਮੁਖੀ ਠਾਕੁਰ ਉਦੇ ਸਿੰਘ ਦੀ ਮਾਤਾ ਚੰਦ ਕੌਰ ਦੀ ਕੱਲ੍ਹ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਕਾਤਲਾਂ ਨੂੰ ਲੱਭਣ ਲਈ ਜੁਟੀ ਹੋਈ ਹੈ। ਪੁਲਿਸ ਨੇ ਚਸ਼ਮਦੀਦਾਂ ਦੀ ਮਦਦ ਨਾਲ 2 ਹਮਲਾਵਰਾਂ ਦੇ ਤਿਆਰ ਕੀਤੇ ਸਕੈੱਚ ਜਾਰੀ ਕੀਤੇ ਹਨ। ਇਹਨਾਂ ਹਮਲਾਵਰਾਂ ਨੇ ਕੱਲ੍ਹ ਸਵੇਰੇ ਗੁਰਦੁਆਰਾ ਸਾਹਿਬ ਕੰਪਲੈਕਸ ‘ਚ ਹਮਲਾ ਕਰ ਮਾਤਾ ਚੰਦ ਕੌਰ ਨੂੰ ਕਤਲ ਕੀਤਾ ਸੀ। ਕਾਤਲ ਮੋਟਰਸਾਈਕਲ ‘ਤੇ ਫਰਾਰ ਹੋ ਗਏ ਸਨ।

download-3-e1459862008695

ਕਾਬਲੇਗੌਰ ਹੈ ਕਿ ਮਾਤਾ ਚੰਦ ਕੌਰ ਕਤਲ ਕਾਂਡ ਦੀ ਤਫ਼ਤੀਸ਼ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ ਹੈ। ਇਸ ਵਿੱਚ ਏਡੀਜੀਪੀ ਕ੍ਰਾਈਮ ਇਕਬਾਲ ਸਿੰਘ ਸਹੋਤਾ, ਪੁਲੀਸ ਕਮਿਸ਼ਨਰ ਲੁਧਿਆਣਾ ਜਤਿੰਦਰ ਸਿੰਘ ਔਲਖ, ਐਸਐਸਪੀ ਖੰਨਾ ਸਤਿੰਦਰ ਸਿੰਘ ਤੇ ਏਆਈਜੀ ਰਵਚਰਨ ਸਿੰਘ ਬਰਾੜ ਸ਼ਾਮਲ ਹਨ। ਉਹ ਵੱਖ ਵੱਖ ਟੀਮਾਂ ਬਣਾ ਕੇ  ਇਸ ਕੇਸ ਦੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਨਾਮਧਾਰੀ ਸਮਾਜ ਨਾਲ ਦੇਸ਼-ਵਿਦੇਸ਼ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਜੁੜੀ ਹੋਈ ਹੈ। ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਭੈਣੀ ਸਾਹਿਬ ਦੇ ਸਮਾਜਿਕ ਕੰਮ ਮਾਤਾ ਚੰਦ ਕੌਰ ਹੀ ਕਰਦੀ ਸੀ। ਸਮਾਜ ਦੀ ਦੇਸ਼-ਵਿਦੇਸ਼ ਵਿੱਚ ਅਰਬਾਂ ਰੁਪਏ ਦੀ ਜਾਇਦਾਦ ਹੈ। ਚਰਚਾ ਹੈ ਕਿ ਇਸ ਜਾਇਦਾਦ ਲਈ ਵੀ ਵਿਵਾਦ ਚੱਲ ਰਿਹਾ ਹੈ।

ਗੱਦੀ ਲਈ ਖੂਨੀ ਸੰਘਰਸ਼ ?


ਨਾਮਧਾਰੀ ਸੰਪ੍ਰਦਾ ਦੀ ਗੱਦੀ ਨੂੰ ਲੈ ਕੇ ਸ਼ੂਰੁ ਹੋਇਆ ਵਿਵਾਦ ਸਿਖਰ ‘ਤੇ ਪੁਹੰਚ ਗਿਆ ਹੈ। ਇਸ ਵਿਵਾਦ ਨੇ ਸਤਿਗੁਰੂ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਦੀ ਜਾਨ ਲੈ ਲਈ। ਉਨ੍ਹਾਂ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਗੱਦੀ ਨੂੰ ਲੈ ਕੇ ਸ਼ੂਰੁ ਹੋਏ ਵਿਵਾਦ ਕਾਰਨ ਇਹ ਤੀਜੀ ਖੂਨੀ ਘਟਨਾ ਵਾਪਰੀ ਹੈ। ਇਸ ਤੋਂ ਪਹਿਲਾਂ 12 ਅਪਰੈਲ, 2011 ਵਿੱਚ ਦੋ ਅਣਪਛਾਤਿਆਂ ਨੇ 57 ਸਾਲਾ ਅਵਤਾਰ ਸਿੰਘ ਤਾਰੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਉਹ ਸਤਿਗੁਰੂ ਜਗਜੀਤ ਸਿੰਘ ਨੇ ਨਜ਼ਦੀਕੀ ਸਨ। ਇਸ ਤੋਂ ਬਾਅਦ 11 ਅਗਸਤ, 2013 ਨੂੰ ਇੰਗਲੈਂਡ ਵਿੱਚ ਨਾਮਧਾਰੀ ਸੰਪ੍ਰਦਾ ਦੇ ਮੁਖੀ ਠਾਕੁਰ ਉਦੈ ਸਿੰਘ ‘ਤੇ ਹਮਲਾ ਹੋਇਆ। ਇਸ ਤੋਂ ਇਲਾਵਾ ਵੀ ਕਈ ਵਾਰ ਦੋਹਾਂ ਧੜਿਆਂ ਵਿਚਾਲੇ ਟਕਰਾਅ ਦਾ ਮਾਹੌਲ ਬਣਿਆ।

ਦਰਅਸਲ ਇਹ ਵਿਵਾਦ ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਭਤੀਜਿਆਂ ਠਾਕੁਰ ਉਦੈ ਸਿੰਘ ਤੇ ਠਾਕੁਰ ਦਲੀਪ ਸਿੰਘ (ਦੋ ਸਕੇ ਭਰਾ) ਵਿਚਾਲੇ ਗੁਰਗੱਦੀ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਕਾਰਨ ਹੈ। ਠਾਕੁਰ ਉਦੈ ਸਿੰਘ ਵੱਲੋਂ ਗੱਦੀ ਸੰਭਾਲਣ ਤੋਂ ਬਾਅਦ ਦੋ ਧੜਿਆਂ ਵਿੱਚ ਵੰਡੀ ਗਈ ਨਾਮਧਾਰੀ ਸੰਗਤ ਵਿੱਚੋਂ ਇੱਕ ਧੜਾ ਉਨ੍ਹਾਂ ਨੂੰ ਆਪਣਾ ਗੁਰੂ ਮੰਨਦਾ ਹੈ ਜਦਕਿ ਦੂਜਾ ਧੜਾ ਠਾਕੁਰ ਦਲੀਪ ਸਿੰਘ ਨੂੰ ਭੈਣੀ ਸਾਹਿਬ ਦੀ ਗੱਦੀ ‘ਤੇ ਬਿਰਾਜਮਾਨ ਕਰਨਾ ਚਾਹੁੰਦਾ ਹੈ। ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਪਿਛਲੇ  ਨਾਮਧਾਰੀ ਸੰਪਰਦਾ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਕਾਰਨ ਇਹ ਵਿਵਾਦ ਵਧਦਾ ਜਾ ਰਿਹਾ ਹੈ।

ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਪਤਨੀ ਮਾਤਾ ਚੰਦ ਕੌਰ ਨੇ ਸੰਗਤ ਨੂੰ ਨਿਰਦੇਸ਼ ਦਿੱਤੇ ਕਿ ਸਤਿਗੁਰੂ ਜੀ ਦੇ ਹੁਕਮਾਂ ਅਨੁਸਾਰ ਨਾਮਧਾਰੀ ਸੰਪ੍ਰਦਾ ਦੀ ਗੁਰਗੱਦੀ ‘ਤੇ ਉਨ੍ਹਾਂ ਦੇ ਭਤੀਜੇ ਠਾਕੁਰ ਉਦੈ ਸਿੰਘ ਬਿਰਾਜਮਾਨ ਹੋਣਗੇ। ਇਸ ਕਾਰਨ ਉਨ੍ਹਾਂ ਨੂੰ ਇਹ ਗੱਦੀ ਸੰਭਾਲ ਦਿੱਤੀ ਗਈ। ਗੱਦੀ ਸੰਭਾਲਣ ਉਪਰੰਤ ਹੀ ਠਾਕੁਰ ਦਲੀਪ ਸਿੰਘ ਜੋ ਠਾਕੁਰ ਉਦੈ ਸਿੰਘ ਦੇ ਵੱਡੇ ਭਰਾ ਹਨ ਤੇ ਹਰਿਆਣਾ ਦੇ ਜੀਵਨ ਨਗਰ ਵਿੱਚ ਨਾਮਧਾਰੀ ਡੇਰੇ ਦੇ ਸੰਚਾਲਕ ਹਨ, ਦੇ ਪੈਰੋਕਾਰਾਂ ਨੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ ਕਿ ਸਤਿਗੁਰੂ ਜਗਜੀਤ ਸਿੰਘ ਵੱਲੋਂ ਗੱਦੀ ਸੰਭਾਲਣ ਬਾਰੇ ਕੋਈ ਵੀ ਲਿਖਤੀ ਜਾਂ ਜ਼ੁਬਾਨੀ ਆਦੇਸ਼ ਨਹੀਂ ਦਿੱਤਾ ਗਿਆ ਸੀ।

ਠਾਕੁਰ ਦਲੀਪ ਸਿੰਘ ਦੇ ਪੈਰਕਾਰਾਂ ਦਾ ਕਹਿਣਾ ਹੈ ਕਿ ਬਹੁਤਾਤ ਗਿਣਤੀ ਵਿੱਚ ਨਾਮਧਾਰੀ ਸੰਗਤ ਉਨ੍ਹਾਂ ਨਾਲ ਜੁੜੀ ਹੋਈ ਹੈ। ਇਸ ਲਈ ਭੈਣੀ ਸਾਹਿਬ ਗੁਰਗੱਦੀ ‘ਤੇ ਉਨ੍ਹਾਂ ਨੂੰ ਬਿਠਾਇਆ ਜਾਵੇ। ਉਨ੍ਹਾਂ ਦੇ ਪੈਰੋਕਾਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਨਾਮਧਾਰੀ ਸੰਪਰਦਾ ਦਾ ਮਹਾਂ ਸੰਮੇਲਨ ਬੁਲਾਇਆ ਜਾਵੇ ਉਸ ਵਿੱਚ ਸੰਗਤ ਫੈਸਲਾ ਕਰੇ ਕਿ ਗੁਰਗੱਦੀ ‘ਤੇ ਕੌਣ ਬਿਰਾਜਮਾਨ ਹੋਵੇਗਾ। ਦੂਸਰੇ ਪਾਸੇ ਠਾਕੁਰ ਉਦੈ ਸਿੰਘ ਦੇ ਪੈਰੋਕਾਰਾਂ ਅਤੇ ਭੈਣੀ ਸਾਹਿਬ ਤੋਂ ਉਨ੍ਹਾਂ ਦਾ ਸਹਿਯੋਗ ਦੇ ਰਹੇ ਸੰਚਾਲਕਾਂ ਦਾ ਕਹਿਣਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਦਾ ਹੁਕਮ ਸਮੂਹ ਨਾਮਧਾਰੀ ਸੰਗਤ ਨੇ ਮੰਨਦੇ ਹੋਏ ਠਾਕੁਰ ਉਦੈ ਸਿੰਘ ਨੂੰ ਗੁਰਗੱਦੀ ਸੰਭਾਲੀ ਤੇ ਮਾਤਾ ਚੰਦ ਕੌਰ ਦਾ ਇਸ ਲਈ ਪੂਰਨ ਆਸ਼ੀਰਵਾਦ ਹੈ।

Share this

Related Posts

Previous
Next Post »