ਦਰਅਸਲ ਲੁਟੇਰਿਆਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਇਸਦੀ ਮਿਸਾਲ ਇਹ ਹੈ ਕਿ ਲੁਟੇਰਿਆਂ ਵੱਲੋਂ ਪਿਛਲੇ ਕਰੀਬ 3 ਮਹੀਨਿਆਂ ਵਿੱਚ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਤਿੰਨ ਕਾਰਾਂ ਲੁੱਟੀਆਂ ਜਾ ਚੁੱਕੀਆਂ ਹਨ ਪਰ ਪੁਲਿਸ ਵੱਲੋਂ ਨਾ ਤਾਂ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਨਾ ਹੀ ਕਾਰਾਂ ਬਰਾਮਦ ਕੀਤੀਆਂ ਜਾ ਸਕੀਆਂ ਹਨ। ੩੦ ਮਾਰਚ ਨੂੰ ਰਾਤ ਵੇਲੇ ਲੁਟੇਰਿਆਂ ਨੇ ਸ਼ਵੇਤਾ ਨਾਮ ਦੀ ਇੱਕ ਔਰਤ ਨੂੰ ਸ਼ਿਕਾਰ ਬਣਾਇਆ ਸੀ। ਸ਼ਵੇਤਾ ਆਪਣੇ ਘਰ ਤੋਂ ਸ਼ਾਪਿੰਗ ਲਈ ਜਾ ਰਹੀ ਸੀ। ਰਸਤੇ ਵਿੱਚ ਉਸਨੂੰ ਫੋਨ ਆਇਆ ਤਾਂ ਉਸਨੇ ਫੋਨ ਸੁਨਣ ਲਈ ਕਾਰ ਰੋਕ ਲਈ ਤਾਂ ਅਚਾਨਕ ਆਏ ਕੁਝ ਹਥਿਆਰਬੰਦ ਲੁਟੇਰਿਆਂ ਨੇ ਉਸਦੀ ਕਾਰ ‘ਚ ਦਾਖਿਲ ਹੋ ਕੇ ਉਸਨੂੰ ਕਾਰ ਚੋਂ ਬਾਹਰ ਸੁੱਟ ਦਿੱਤਾ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ। ਘਟਨਾ ਦੇ 17 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਲੁਟੇਰਿਆਂ ਦਾ ਪਤਾ ਨਹੀਂ ਲਗਾ ਸਕੀ।
ਇਸ ਤੋਂ ਇਲਾਵਾ 11 ਫ਼ਰਵਰੀ ਨੂੰ ਲੁਟੇਰਿਆਂ ਨੇ ਧਰਮਿੰਦਰ ਸਿੰਘ ਨਾਮ ਦੇ ਇੱਕ ਆੜਤੀ ਨੂੰ ਵੀ ਸ਼ਿਕਾਰ ਬਣਾਇਆ ਸੀ। ਧਰਮਿੰਦਰ ਲਾਰੈਂਸ ਰੋਡ ‘ਤੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਇਆ ਸੀ। ਧਰਮਿੰਦਰ ਜਦੋਂ ਦੁਕਾਨ ‘ਤੇ ਕੁਝ ਸਮਾਨ ਲੈਣ ਲਈ ਗਿਆ ਤਾਂ ਲੁਟੇਰਿਆਂ ਨੇ ਕਾਰ ‘ਚ ਬੈਠੀ ਉਸਦੀ ਪਤਨੀ ਨੂੰ ਪਿਸਤੌਲ ਦਿਖਾ ਕੇ ਕਾਰ ਚੋਂ ਬਾਹਰ ਕੱਢਿਆ ਅਤੇ ਕਾਰ ਲੈ ਕੇ ਫ਼ਰਾਰ ਹੋ ਗਏ।ਇਸ ਵਾਰਦਾਤ ਨੂੰ ਵੀ ਪੁਲਿਸ ਹਾਲੇ ਤੱਕ ਨਹੀਂ ਸੁਲਝਾ ਸਕੀ।
ਤਾਜ਼ਾ ਮਾਮਲਾ ਦੋ ਦਿਨ ਪਹਿਲਾਂ ਦਾ ਹੈ ਜਿਸ ਵਿੱਚ ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵਨਿਯੂ ‘ਚ ਰਾਤ ਵੇਲੇ ਮੋਹਿਤ ਨਾਮ ਦੇ ਵਪਾਰੀ ਕੋਲੋਂ ਲੁਟੇਰੇ ਕਾਰ ਲੁੱਟ ਕੇ ਲੈ ਗਏ। ਇਹ ਤਿੰਨੇ ਘਟਨਾਵਾਂ ਅੰਮ੍ਰਿਤਸਰ ਦੇ ਸਿਵਲ ਲਾਈਨ ਪੁਲਿਸ ਥਾਣੇ ਦੇ ਅਧੀਨ ਆਉਂਦੇ ਇਲਾਕੇ ਵਿੱਚ ਵਾਪਰੀਆਂ ਹਨ ਪਰ ਪੁਲਿਸ ਵਲੋਂ ਇੱਕ ਤੋਂ ਬਾਅਦ ਇੱਕ ਹੋ ਰਹੀ ਲੁੱਟ ਦੀ ਵਾਰਦਾਤ ਤੋਂ ਇਹ ਸਾਫ਼ ਹੈ ਕਿ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਕੀਤੇ ਜਾਣ ਵਾਲੇ ਦਾਅਵੇ ਆਖਰ ਕਿੰਨੇ ਕ ਸਹੀ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਾਰਦਾਤਾਂ ਨੂੰ ਸੁਲਝਾਉਣ ਲਈ ਕੰਮ ਕਰ ਰਹੇ ਹਨ ਅਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਜਲਦ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋ ਜਾਣਗੀਆਂ।