ਲੰਦਨ – ਭਾਰਤ ਦਾ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਆਪਣੇ ਪ੍ਰੋਫੈਸ਼ਨਲ ਕਰੀਅਰ ਦਾ 5ਵਾਂ ਮੈਚ ਖੇਡਣ ਲਈ ਤਿਆਰ ਹੈ। ਆਪਣੇ ਅਗਲੇ ਮੁਕਾਬਲੇ ‘ਚ ਵਿਜੇਂਦਰ ਦੀ ਟੱਕਰ ਫ੍ਰਾਂਸ ਦੇ ਮੁੱਕੇਬਾਜ਼ ਮੈਤੀਓਜ਼ ਰੋਇਰ ਖਿਲਾਫ ਹੋਵੇਗੀ।
ਪ੍ਰੋਫੈਸ਼ਨਲ ਕਰੀਅਰ ‘ਚ ਲਗਾਤਾਰ 4 ਮੈਚਾਂ ‘ਚ ਬਾਜ਼ੀ ਮਾਰ ਚੁੱਕੇ ਵਿਜੇਂਦਰ ਸਿੰਘ ਲਈ ਇਹ ਮੈਚ ਸਭ ਤੋਂ ਮੁਸ਼ਕਿਲ ਮੰਨਿਆ ਜਾ ਰਿਹਾ ਹੈ। ਵਿਜੇਂਦਰ ਦਾ ਇਹ ਬਾਉਟ ਸਟ੍ਰੈਟਫੋਰਡ ਕੌਪਰ ਅਰੀਨਾ ‘ਚ ਖੇਡਿਆ ਜਾਵੇਗਾ। ਫ੍ਰਾਂਸ ਦਾ ਮੁੱਕੇਬਾਜ਼ ਅਨੁਭਵੀ ਹੈ ਅਤੇ ਵਿਜੇਂਦਰ ਦੇ ਮੁਕਾਬਲੇ ਕਿਸੇ ਵੀ ਤਰ੍ਹਾ ਨਾਲ ਇਸ ਮੁੱਕੇਬਾਜ਼ ਨੂੰ ਕਮਜੋਰ ਨਹੀਂ ਮੰਨਿਆ ਜਾ ਸਕਦਾ।
ਵਿਜੇਂਦਰ ਸਿੰਘ ਨੇ ਆਪਣੇ ਪ੍ਰੋਫੈਸ਼ਨਲ ਕਰੀਅਰ ‘ਚ ਧਮਾਕੇਦਾਰ ਸ਼ੁਰੂਆਤ ਕੀਤੀ ਹੈ ਅਤੇ ਆਪਣੇ ਸਾਰੇ ਮੈਚ ਇੱਕ ਤਰਫਾ ਅੰਦਾਜ਼ ‘ਚ ਨਾਕਆਉਟ ਨਾਲ ਜਿੱਤੇ ਹਨ। 30 ਸਾਲਾਂ ਦੇ ਵਿਜੇਂਦਰ ਨੂੰ ਲਗਾਤਾਰ ਮਿਲੀ ਕਾਮਯਾਬੀ ਨਾਲ ਸਟਾਰ ਮੁੱਕੇਬਾਜ਼ ਦੇ ਹੌਂਸਲੇ ਬੁਲੰਦ ਹਨ।
ਵਿਜੇਂਦਰ ਕੌਪਰ ਬੌਕਸ ਅਰੀਨਾ ‘ਚ ਮੁਕਾਬਲਾ ਖੇਡਣ ਤੋਂ ਬਾਅਦ ਮਈ ‘ਚ ਬੌਲਟਨ ਅਤੇ ਫਿਰ ਜੂਨ ‘ਚ ਭਾਰਤ ਦੀ ਧਰਤੀ ‘ਤੇ ਮੈਚ ਖੇਡਣਗੇ। ਇਸਤੋਂ ਪਹਿਲਾਂ ਪਿਛਲੇ ਮਹੀਨੇ ਵਿਜੇਂਦਰ ਨੇ ਹੰਗਰੀ ਦੇ ਮੁੱਕੇਬਾਜ਼ ਨੂੰ ਮਾਤ ਦੇਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਸੀ।