ਹੁਣ ਪਾਕਿਸਤਾਨ 'ਚ ਛਪਣਗੇ ਗੁਰੂ ਗ੍ਰੰਥ ਸਾਹਿਬ

ਲਾਹੌਰ: ਪਾਕਿਸਤਾਨ ਨੇ ਆਪਣੀ ਧਰਤੀ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਦਾ ਐਲਾਨ ਕਰ ਦਿੱਤਾ ਹੈ। ਇਹੀ ਨਹੀਂ ਪਾਕਿਸਤਾਨ ਬਿਰਧ ਸਰੂਪਾਂ ਦੇ ਸਸਕਾਰ ਦੇ ਲਈ ਅੰਗੀਠਾ ਸਾਹਿਬ ਦੀ ਸਥਾਪਨਾ ਵੀ ਕਰੇਗਾ। ਇਹ ਗੱਲ ਖਾਲਸਾ ਏਕਯੂ ਟਰੱਸਟ ਪ੍ਰੋਪਰਿਟੀ ਬੋਰਡ ਦੇ ਚੇਅਰਮੈਨ ਫਾਰੂਕ ਉਲ ਸਦੀਕ ਨੇ ਲਾਹੌਰ ‘ਚ ਕਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ‘ਚ ਦੇਸ ਦੇ ਬਟਵਾਰੇ ਤੋਂ ਬਾਅਦ ਦੀ ਸਿੱਖ ਵਿਰਾਸਤ ਦੇ ਪਹਿਲੂਆਂ ‘ਤੇ ਵੀ ਪਹਿਲੀ ਵਾਰ ਕੰਮ ਸ਼ੁਰੂ ਹੋਵੇਗਾ।

ਫਾਰੂਕ ਨੇ ਦੱਸਿਆ ਕਿ ਇਸ ਲਈ ਲਾਹੌਰ ‘ਚ ਪ੍ਰਿੰਟਿਗ ਪ੍ਰੈਸ ਲਗਾਉਣਾ ਤੇ ਸਿੱਖ ਰਵਾਇਤਾਂ ਮੁਤਾਬਕ ਛਪਾਈ ਲਈ ਜ਼ਮੀਨ ਦੀ ਤਜਵੀਜ਼ ਵੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪਾਵਨ ਸਰੂਪ ਭਾਰਤ ਤੋਂ ਆਉਂਦੇ ਸਨ ਤੇ ਉਨ੍ਹਾਂ ਨੂੰ ਲਿਆਉਣ ‘ਚ ਕਈ ਵਾਰ ਬੇਅਦਬੀ ਵੀ ਹੋ ਜਾਂਦੀ ਸੀ। ਇਸੇ ਕਰਕੇ ਹੀ ਹੁਣ ਅਸੀਂ ਇਹ ਫੈਸਲਾ ਲਿਆ ਹੈ। ਪਾਕਿਸਤਾਨ ‘ਚ ਸਿੱਖਾਂ ਤੋਂ ਇਲਾਵਾ 40-45 ਲੱਖ ਹਿੰਦੂ ਤੋਂ ਵੀ ਹੈ ਤੇ ਉਹ ਆਪਣੇ ਧਾਰਮਿਕ ਸਥਾਨਾਂ ‘ਚ ਵੀ ਇਨ੍ਹਾਂ ਨੂੰ ਰੱਖਦੇ ਸਨ।

ਫਾਰੂਕ ਨੇ ਕਿਹਾ ਕਿ ਮੰਗ ਵਧਣ ਕਾਰਨ ਇਹ ਕਦਮ ਉਠਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛਪਾਈ ਦੇ ਵਿਧੀ ਵਿਧਾਨ ਦੀ ਜਾਣਕਾਰੀ ਹਾਸਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਅਹਿਮ ਸਿੱਖ ਸੰਸਥਾਵਾਂ ਦੀ ਮਦਦ ਲਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਪਾਕਿਸਤਾਨ ‘ਚ ਬਿਰਧ ਸਰੂਪਾਂ ਦੇ ਸਸਕਾਰ ਲਈ ਪ੍ਰਬੰਧ ਨਹੀਂ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਇੰਡੀਆ ਭੇਜਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸ੍ਰੀ ਕਰਤਾਰਪੁਰ ਸਾਹਿਬ ‘ਚ ਅੰਗੀਠਾ ਸਾਹਿਬ ਦੀ ਸਥਾਪਨਾ ਹੋਵੇਗੀ ਤੇ ਇਸ ਲਈ ਵੀ ਸਿੱਖ ਬੁੱਧੀਜੀਵੀਆਂ ਦੀ ਰਾਏ ਲਈ ਜਾਵੇਗੀ। ਦੱਸਣਯੋਗ ਹੈ ਕਿ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਛਪਾਈ ਦਾ ਕੰਮ ਕੋਈ ਦੂਜਾ ਨਹੀਂ ਕਰਦਾ ਹੈ। ਐਸ ਜੀ ਪੀ ਸੀ ਨੇ ਬੇਅਦਬੀ ਨੂੰ ਰੋਕਣ ਲਈ ਹੀ ਛਪਾਈ ਦਾ ਕੰਮ ਆਪਣੇ ਹੱਥ ਲਿਆ ਹੋਇਆ ਹੈ।

Share this

Related Posts

Previous
Next Post »